Thursday, 8 March 2012

ਬਲਵਿੰਦਰ ਸਿੰਘ ਸਮੁੰਦਰੀਆ

‘ਬਾਬੇ ਬਲਬੰਤੇ’ ਨੇ
ਹਾਲੇ ਤਾਂ ਦੂਰ ਕਿਤੇ,

ਸੂਰਜ ਵੀ ਚੜਨਾ ਸੀ,

ਹਾਲੇ ਤਾਂ ਬਾਬੇ ਨੇ,

ਪਾਠ ਵੀ ਪੜਨਾ ਸੀ,

ਹਾਲੇ ਤਾਂ ਮੇਜੋ ਨੇ,

ਕੁਰਲੀ ਵੀ ਕਰਨੀ ਸੀ,

ਹਾਲੇ ਤਾਂ ਚੁੱਲੇ ਤੇ,

ਚਾਹ ਵੀ ਧਰਨੀ ਸੀ ,

ਹਾਲੇ ਤਾਂ ਦੁੱਧ ਨੂੰ,

ਮੁੰਡਾ ਵੀ ਰੋਣਾ ਸੀ,

ਹਾਲੇ ਤਾਂ ਵਹੁਟੀ ਨੇ,

ਮੱਝਾਂ ਨੂੰ ਚੋਣਾ ਸੀ,

ਹਾਲੇ ਤਾਂ ਗਲੀਆਂ 'ਚ,

ਬਿੱਲੀਆਂ ਜਾਂ ਕੁੱਤੇ ਸੀ,

ਹਾਲੇ ਤਾਂ ਪੰਛੀ ਵੀ,

ਰੁੱਖਾਂ ਤੇ ਸੁੱਤੇ ਸੀ,

ਹਾਲੇ ਤਾਂ ਫੁੱਲਾਂ ਨੂੰ,

ਮਸਤੀ ਦੀ ਲੋਰ ਸੀ,

ਹਾਲੇ ਤਾਂ ਕੁੱਕੜਾਂ ਨੂੰ,

ਨੀਦਾਂ ਦਾ ਜੋਰ ਸੀ ,

ਹਾਲੇ ਤਾਂ ਬੁਢ਼ੜੀ ਵੀ,

ਥੋੜੀ ਹੀ ਖੰਘੀ ਸੀ,

ਹਾਲੇ ਮਧਾਣੀ ਵੀ,

ਕਿੱਲੀ ਤੇ ਟੰਗੀ ਸੀ ,

ਹਾਲੇ ਤਾਂ ਅੰਬਰਾਂ ਤੇ,

ਤਾਰੇ ਵੀ ਸਾਰੇ ਸੀ,

ਹਾਲੇ ਤਾਂ ਅੱਲੜਾਂ ਦੇ,

ਸੁਪਨੇ ਕੁਆਰੇ ਸੀ,

ਹਾਲੇ ਤਾਂ ਚੰਨ ਨੇ,

ਲਾਲੀ ਵੀ ਮੱਥਣੀ ਸੀ,

ਹਾਲੇ ਤਾਂ ਰਾਤ ਦੀ,

ਪੀਤੀ ਵੀ ਲੱਥਣੀ ਸੀ,

ਕਿ ‘ਬਾਬੇ ਬਲਬੰਤੇ’ ਨੇ,

ਅਧੀਆ ਖਾਲੀ ਕਰ ਕੇ,

ਰਜਾਈ ਛੱਡ ਦਿੱਤੀ ਸੀ,

ਤੇ ਕੋਠੇ ਤੇ ਚੜ ਕੇ,

ਮੁੱਖ ਮੰਤਰੀ ਪੰਜਾਬ ਨੂੰ,

ਪਹਿਲੀ ਗਾਲ ਕੱਡ ਦਿੱਤੀ ਸੀ !!

ਬਲਵਿੰਦਰ ਸਿੰਘ ਸਮੁੰਦਰੀਆ

No comments:

Post a Comment