Thursday, 8 March 2012

ਹਰਮਨ ਸਿੰਘ

ਰੰਗ

ਬੈਠ ਕੇ ਕੱਲਾ ਜਦ ਵੀ ਜਿੰਦ ਦੇ ਰੰਗਾਂ ਬਾਰੇ ਸੋਚਾਂ

ਵਕਤ ਦੇ ਕੈਨਵਸ ਉੱਤੇ ਮੁੜ ਮੈਂ ਫੇਰਾ ਪਾਉਣਾ ਲੋਚਾਂ

ਪਹਿਲਾ ਰੰਗ ਸੀ ਬਚਪਨ ਵਾਲਾ ਨਾਲ ਸਦਾ ਜੋ ਰਹਿਣਾ

ਦੌੜ ਸੀ ਮਾਂ ਦੀ ਗੋਦੀ ਤਾਂਈ ਜਾ ਬੁੱਕਲ ਵਿਚ ਬਹਿਣਾ  

ਰੁੜਨਾ,ਉਠਣਾ,ਤੁਰਨਾ ਸਿਖਿਆ ਲੈ ਕੇ ਜਦੋਂ ਸਹਾਰੇ

ਟੁੱਟਣ ਨਾ ਚੇਤਿਆਂ ਦੇ ਧਾਗੇ ਕਾਇਮ ਨੇ ਹੁਣ ਤੱਕ ਸਾਰੇ  

ਦੂਜਾ ਰੰਗ ਜਵਾਨੀ ਵਾਲਾ ਜਦੋਂ ਹੱਡਾਂ ਨੂੰ ਆਇਆ

ਅੱਖਾਂ ਵਿਚੋਂ ਨੀਂਦ ਚੁਰਾਈ ਰਾਤਾਂ ਵਿਚ ਜਗਾਇਆ 

ਚੜਿਆ ਸੀ ਰੰਗ ਜਿਸਦਾ ਮੈਨੂੰ ਹੁਣ ਤੱਕ ਨਾ ਓਹ ਲੱਥਾ

ਕਿੰਨੀ ਵਾਰੀ ਪਾਣੀ ਦੇ ਸੰਗ ਧੋ ਚੁੱਕਾ ਮੂੰਹ ਮੱਥਾ 

ਤੀਜਾ ਰੰਗ ਬੁਢਾਪੇ ਵਾਲਾ ਜਦ ਦਾ ਮੈਨੂ ਆਇਆ

ਝੁਕੀ ਕਮਰ ਨਾ ਤੁਰਦੇ ਗੋਡੇ ਡੰਡਾ ਹੱਥ ਫੜਾਇਆ  

ਨਾਲ ਵਕਤ ਦੇ ਮੇਚੇ ਵਾਲੇ ਕਪੜੇ ਹੋਗੇ ਢਿੱਲੇ

ਸਾਰੀ ਦੁਨੀਆ ਗਾਹਵਣ ਵਾਲਾ ਮਸੀਂ ਕਿਤੇ ਹੁਣ ਹਿੱਲੇ  

ਇੱਕੋ ਰੰਗ ਹੀ ਬਾਕੀ ਹੁਣ ਤਾਂ ਜਿਸ ਦਿਨ ਵੀ ਓਹ ਆਉਣਾ

ਲੈਕੇ ਚਾਰ ਸਹਾਰੇ ਆਪਾ ਮਿੱਟੀ ਵਿਚ ਮਿਲਾਉਣਾ 

ਰੰਗ ਬਰੰਗੀ ਦੁਨੀਆਂ ਸਭ ਨੂੰਪਿਆਰ ਦੇ ਰੰਗ ਚੜਾਈਏ

ਕਾਹਦਾ ਜੱਗ ਤੇ ਆਉਣਾ ਜੇਕਰ ਬੇਰੰਗੇ ਹੀ ਜਾਈਏ  

ਹਰਮਨ ਸਿੰਘ

No comments:

Post a Comment