" ਅੱਧੀ ਰਾਤੀਂ ਪੀੜਾਂ ਕੂਕਣ "
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ,
ਕੁੱਝ ਕੁ ਰੰਡੀਆਂ ਕਰਨ ਸਿਆਪੇ
ਬਿਠਾ ਮੈਨੂੰ ਵਿਚਕਾਰ,
ਅੱਧੀ ਰਾਤੀਂ ਪੀੜਾ ਕੂਕਣ
ਕੂਕਣ ਕੇਸ ਖਿਲਾਰ..... ||
ਮਰੇ ਹੋਏ ਦਿਲ ਤੇ ਬੈਠਣ ਮੱਖੀਆਂ,
ਮਹਿਰਮ ਢੂੰਡਣ ਪਥਰਾਈਆਂ ਅੱਖੀਆਂ,
ਰੋਜ ਉੱਧੜਾਂ ਹੌਲੀ-ਹੌਲੀ
ਕੋਈ ਨਾਂ ਲੈਂਦਾ ਸਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ..... ||
ਕੁਆਰੀਆਂ ਮੇਰੀਆਂ ਅੱਖਾਂ ਚੁੰਘਣ,
ਬੁੱਲਾਂ ਕੋਲੋ ਹਾਸੇ ਡੁੰਘਣ,
ਉਦਾਸ ਖੂਹੀ ਮੈਨੂੰ ਦੱਬਣ
ਜਿੱਥੇ ਦੁੱਖਾਂ ਦੀ ਭਰਮਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ...... ||
ਚੂੰਡਣ ਮੇਰੇ ਹੱਡ ਨਰੋਏ,
ਮਸੀਂ-ਮਸੀਂ ਜਵਾਂ ਜੋ ਹੋਏ,
ਨਾ ਭੋਰਾ ਅਲਕਤ ਮੰਨਣ
ਖਾਵਣ ਵਾਰੋ-ਵਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ..... ||
ਸੂਲ ਨੇ ਮੇਰਾ ਅੰਦਰ ਖਾਇਆ,
ਸੁਪਨਾ ਮੇਰਾ ਹਰ ਤਿਰਹਾਇਆ,
ਰੀਝਾਂ ਭੁੰਨੀਆਂ ਵਾਂਗਰ ਖਿੱਲਾਂ
ਖੌਰੇ ਕੱਡਣ ਕਿਹੜੀ ਖਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ...... ||
ਰਾਤੀਂ ਮਰਦਾਂ, ਤੜਕੇ ਜੰਮਦਾਂ,
ਢੋਹ - ਢੋਹ ਕੇ ਦੁੱਖੜੇ ਹੰਬਦਾਂ,
ਮੁਕਤੀ ਦੇਵੋ ਏਸ ਸ਼ਰਾਪੋਂ
ਯਾਰੋ ਦੇਉ ਮੌਤ ਉਧਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ
ਅੱਧੀ ਰਾਤੀਂ ਪੀੜਾਂ ਕੂਕਣ
ਕੂਕਣ ਕੇਸ ਖਿਲਾਰ ..... ||
ਕਿਰਤਪਾਲ ਸਿੰਘ ਗਿੱਲ

No comments:
Post a Comment